ਸਮੁੱਚੇ ਅਮਰੀਕਾ 'ਚ ਮਨਾਇਆ ਸ਼ੋਕ

ਗੋਲੀ ਕਾਂਡ 'ਚ ਮਾਰੇ ਗਏ ਸਿੱਖਾਂ ਨੂੰ ਸ਼ਰਧਾਂਜਲੀਆਂ
ਵਿਸਕਾਨਸਿਨ ਗੁਰਦੁਆਰਾ ਗੋਲੀ ਕਾਂਡ 'ਚ ਮਾਰੇ ਗਏ ਸਿੱਖਾਂ ਦੀ ਯਾਦ 'ਚ ਵਾਸ਼ਿੰਗਟਨ 'ਚ ਵਾਈਟ ਹਾਊਸ ਨੇੜੇ ਸ਼ੋਕ ਸਭਾ 'ਚ ਸ਼ਾਮਿਲ ਸਿੱਖ ਨੌਜਵਾਨ।
ਵਾਸ਼ਿੰਗਟਨ, 9 ਅਗਸਤ (ਏਜੰਸੀਆਂ ਰਾਹੀਂ)-ਅਮਰੀਕਾ ਵਿਚ ਵਿਸਕਾਂਨਸਿਨ ਦੇ ਇਕ ਗੁਰਦੁਆਰੇ ਵਿਚ ਵਾਪਰੀ ਗੋਲੀਬਾਰੀ ਦੀ ਘਟਨਾ ਜਿਸ ਵਿਚ 6 ਸਿੱਖ ਮਾਰੇ ਗਏ ਸਨ, ਨੂੰ ਲੈ ਕੇ ਕੱਲ੍ਹ ਅਮਰੀਕਾ ਦੇ ਕਈ ਸ਼ਹਿਰਾਂ ਵਿਚ ਸ਼ੋਕ ਸਭਾਵਾਂ ਕੀਤੀਆਂ ਗਈਆਂ। ਇਨ੍ਹਾਂ 'ਚ ਭਾਰਤੀ ਮੂਲ ਦੇ ਲੋਕਾਂ ਸਮੇਤ ਹਰੇਕ ਵਰਗ ਦੇ ਲੋਕ ਸ਼ਾਮਿਲ ਹੋਏ। ਉਨ੍ਹਾਂ ਨੇ ਇਸ ਘਟਨਾ ਨੂੰ ਦੁਖਦਾਈ ਆਖਦੇ ਹੋਏ ਅਮਰੀਕੀ ਇਤਿਹਾਸ 'ਚ ਕਾਲ ਦਿਵਸ ਦੱਸਿਆ। ਨਿਊਯਾਰਕ ਦੇ ਮੈਨਹਟਨ, ਵਾਸ਼ਿੰਗਟਨ ਵਿਚ ਵਾਈਟ ਹਾਊਸ ਦੇ ਸਾਹਮਣੇ, ਬੋਸਟਨ, ਸ਼ਿਕਾਗੋ ਅਤੇ ਸੈਨ ਫਰਾਂਸਿਸਕੋ ਵਿਚ ਸ਼ੋਕ ਸਭਾਵਾਂ ਕੀਤੀਆਂ ਗਈਆਂ। ਇਨ੍ਹਾਂ 'ਚ ਸ਼ਾਮਿਲ ਲੋਕਾਂ ਨੇ ਗੋਲੀਬਾਰੀ ਵਿਚ ਮਾਰੇ ਗਏ 6 ਵਿਅਕਤੀਆਂ ਦੀਆਂ ਤਸਵੀਰਾਂ ਰੱਖੀਆਂ ਹੋਈਆਂ ਸਨ। ਸਾਰੇ ਲੋਕ ਇਕੋ ਭਾਵਨਾ ਨਾਲ ਸ਼ੋਕ ਸਭਾਵਾਂ 'ਚ ਸ਼ਾਮਿਲ ਹੋਏ। ਲੋਕਾਂ ਨੇ 8 ਅਗਸਤ ਨੂੰ ਰਾਸ਼ਟਰੀ ਯਾਦਗਾਰ ਅਤੇ ਇਕਜੁਟਤਾ ਦੇ ਰੂਪ 'ਚ ਮਨਾਇਆ। ਸ਼ੋਕ ਸਭਾਵਾਂ ਵਿਚ ਸ਼ਾਮਿਲ ਹੋਏ ਕਈ ਲੋਕਾਂ ਨੇ ਗੋਲੀਬਾਰੀ ਦੀ ਘਟਨਾ ਵਿਚ ਹਮਲਾਵਰ ਨਾਲ ਟੱਕਰ ਲੈਣ ਸਮੇਂ ਗੰਭੀਰ ਰੂਪ 'ਚ ਜ਼ਖ਼ਮੀ ਹੋਏ ਪੁਲਿਸ ਅਧਿਕਾਰੀ ਬਰਾਇਨ ਮਰਫੀ ਦੀ ਤਸਵੀਰ ਵੀ ਹੱਥ ਵਿਚ ਚੁੱਕੀ ਹੋਈ ਸੀ। ਮਰਫੀ ਨੇ ਵੇਡ ਮਾਈਕਲ ਪੇਜ ਨੂੰ ਪਹਿਲਾਂ ਗੋਲੀ ਮਾਰ ਕੇ ਜ਼ਖ਼ਮੀ ਕੀਤਾ ਸੀ। ਲੋਕਾਂ ਨੇ ਹੱਥਾਂ ਵਿਚ ਮੋਮਬੱਤੀਆਂ ਫੜੀਆਂ ਹੋਈਆਂ ਸਨ ਅਤੇ ਉਨ੍ਹਾਂ ਨੇ ਖਾਸ ਕਿਸਮ ਦੀ ਟੀ-ਸ਼ਰਟ ਪਹਿਨੀ ਹੋਈ ਸੀ। ਉਨ੍ਹਾਂ ਦੀ ਟੀ-ਸ਼ਰਟ 'ਤੇ ਲਿਖਿਆ ਹੋਇਆ ਸੀ ਕਿ ਅਸੀਂ ਸਾਰੇ ਸਿੱਖ ਹਾਂ। ਕਈ ਲੋਕਾਂ ਨੇ ਬੈਨਰ ਅਤੇ ਪੋਸਟਰ ਚੁੱਕੇ ਹੋਏ ਸਨ ਜਿਨ੍ਹਾਂ 'ਤੇ ਲਿਖਿਆ ਹੋਇਆ ਸੀ ਕਿ ਅਸੀਂ ਅਮਰੀਕੀ ਹਾਂ, ਅਸੀਂ ਸਿੱਖ ਹਾਂ, ਅਸੀਂ ਸਾਰੇ ਇਕ ਹਾਂ। ਸਿੱਖ ਹੋਣ 'ਤੇ ਮਾਣ ਕਰੀਏ। ਸਿੱਖ ਭਾਈਚਾਰੇ ਦੀਆਂ ਕੁਝ ਪ੍ਰਮੁੱਖ ਹਸਤੀਆਂ ਨੇ ਸ਼ੋਕ ਸਭਾਵਾਂ 'ਚ ਸ਼ਾਮਿਲ ਲੋਕਾਂ ਨੂੰ ਕਿਹਾ ਕਿ ਇਹ ਬੜੀ ਦੁਖਦਾਈ ਘਟਨਾ ਹੈ ਇਹ ਅਮਰੀਕੀ ਇਤਿਹਾਸ ਦਾ ਕਾਲਾ ਦਿਨ ਹੈ। ਮੈਨਹਟਨ ਵਿਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਅਮਰੀਕੀ ਕਾਂਗਰਸ ਦੇ ਮੈਂਬਰ ਜੇ ਕਰਾਉਲੇ ਨੇ ਕਿਹਾ ਕਿ ਜੇਕਰ ਇਥੇ ਲੋਕਾਂ ਨੂੰ ਪੂਜਾ ਵਾਲੀਆਂ ਥਾਵਾਂ 'ਤੇ ਮਾਰਿਆ ਜਾਵੇਗਾ ਜਾਂ ਉਨ੍ਹਾਂ 'ਤੇ ਹਮਲਾ ਹੋਵੇਗਾ ਤਾਂ ਫਿਰ ਉਹ ਅਮਰੀਕਾ ਨਹੀਂ ਰਹਿ ਗਿਆ ਜਿਸ ਨੂੰ ਅਸੀਂ ਜਾਣਦੇ ਹਾਂ। ਸ੍ਰੀ ਕਰਾਉਲੇ ਨੇ ਕਿਹਾ ਕਿ ਸਾਨੂੰ ਹਥਿਆਰਾਂ ਤਕ ਪਹੁੰਚ ਸੀਮਤ ਕਰਨ ਸਬੰਧੀ ਚਰਚਾ ਕਰਨੀ ਪਵੇਗੀ ਤਾਂ ਜੋ ਅਪਰਾਧੀ ਇਸ ਦੀ ਵਰਤੋਂ ਨਾ ਕਰ ਸਕਣ। ਉਨ੍ਹਾਂ ਕਿਹਾ ਕਿ ਗੁਰਦੁਆਰੇ ਵਿਚ ਗੋਲੀਬਾਰੀ ਦੀ ਘਟਨਾ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰ ਜਾਨਣਾ ਚਾਹੁੰਦੇ ਹਨ ਕਿ ਪੇਜ ਵਰਗੇ ਲੋਕਾਂ ਦੇ ਹੱਥਾਂ 'ਚ ਹਥਿਆਰ ਅਸਾਨੀ ਨਾਲ ਕਿਵੇਂ ਪਹੁੰਚ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜੋ ਕੁਝ ਸਿੱਖ ਭਾਈਚਾਰੇ ਨਾਲ ਵਾਪਰਿਆ ਹੈ ਉਹ ਸਾਡੇ ਕਿਸੇ ਨਾਲ ਵੀ ਵਾਪਰ ਸਕਦਾ ਹੈ। ਸ਼ਿਕਾਗੋ ਵਿਚ ਲਗਾਤਾਰ ਦੂਸਰੇ ਦਿਨ ਸਿੱਖਾਂ ਅਤੇ ਭਾਰਤੀ-ਅਮਰੀਕੀ ਭਾਈਚਾਰੇ ਦੇ ਲੋਕਾਂ ਨੇ ਮੋਮਬੱਤੀਆਂ ਜਗਾ ਕੇ ਸ਼ੋਕ ਸਭਾ ਕੀਤੀ। ਇਸੇ ਦੌਰਾਨ ਓਕ ਕਰੀਕ ਕਸਬੇ ਦੇ ਮੇਅਰ ਸਟੀਵ ਸਕੈਫਦੀ ਨੇ ਗੋਲੀਬਾਰੀ ਦੀ ਘਟਨਾ 'ਤੇ ਦੁੱਖ ਜ਼ਾਹਿਰ ਕਰਦੇ ਹੋਏ ਅਮਰੀਕਾ ਵਿਚ ਭਾਰਤੀ ਰਾਜਦੂਤ ਨਿਰੂਪਮਾ ਰਾਓ ਨੂੰ ਦੱਸਿਆ ਕਿ ਗੁਰਦੁਆਰੇ ਦੀ ਸੁਰੱਖਿਆ ਲਈ ਸਰਕਾਰ ਨੇ ਕਈ ਕਦਮ ਚੁੱਕੇ ਹਨ। 

ਵਿਸਕਾਨਸਿਨ ਦੇ ਗੁਰਦੁਆਰਾ ਗੋਲੀ ਕਾਂਡ 'ਚ ਮਾਰੇ ਗਏ ਸਿੱਖਾਂ ਦੀ ਯਾਦ 'ਚ ਸ਼ੋਕ ਸਭਾ ਕਰਨ ਲਈ ਵਾਸ਼ਿੰਗਟਨ 'ਚ ਵਾਈਟ ਹਾਊਸ ਸਾਹਮਣੇ ਇਕੱਤਰ ਹੋਏ ਸਿੱਖ ਭਾਈਚਾਰੇ ਦੇ ਲੋਕ।
ਗੋਲੀ ਕਾਂਡ 'ਚ ਮਾਰੇ ਗਏ ਸਿੱਖਾਂ ਤੇ ਜ਼ਖਮੀ ਹੋਏ ਪੁਲਿਸ ਅਧਿਕਾਰੀ ਦੀ ਤਸਵੀਰਾਂ ਚੁੱਕ ਕੇ ਮੈਨਹਟਨ 'ਚ ਸ਼ੋਕ ਸਭਾ 'ਚ ਹਿੱਸਾ ਲੈਂਦੇ ਹੋਏ ਸਿੱਖ ਭਾਈਚਾਰੇ ਦੇ ਲੋਕ।
ਮੈਨਹਟਨ ਵਿਖੇ ਤਖਤੀ ਫੜੀ ਖੜਾ ਇਕ ਸਿੱਖ ਨੌਜਵਾਨ।
 ਜ਼ਖ਼ਮੀ ਪੁਲਿਸ ਅਧਿਕਾਰੀ  ਦੀ ਹਾਲਤ 'ਚ ਸੁਧਾਰ
ਵਿਨਕਾਂਨਸਨ ਦੇ ਗੁਰਦੁਆਰੇ ਵਿਚ ਹਮਲਾਵਰ ਨਾਲ ਮੁਕਾਬਲਾ ਕਰਦੇ ਸਮੇਂ ਜ਼ਖ਼ਮੀ ਹੋਇਆ ਅਮਰੀਕੀ ਪੁਲਿਸ ਦਾ ਅਧਿਕਾਰੀ ਬਰਾਇਨ ਮਰਫੀ ਦੀ ਹਾਲਤ ਵਿਚ ਤੇਜ਼ੀ ਨਾਲ ਸੁਧਾਰ ਹੋਇਆ ਹੈ। ਹਮਲਾਵਰ ਨੇ ਉਸ ਦੇ 9 ਗੋਲੀਆਂ ਮਾਰੀਆਂ ਸਨ। ਨਿਊਯਾਰਕ ਡੇਲੀ ਨਿਊਜ਼ ਮੁਤਾਬਕ ਮਰਫੀ ਕੇਵਲ ਗੱਲਬਾਤ ਹੀ ਨਹੀਂ ਕਰ ਰਿਹਾ ਸਗੋਂ ਤੁਰ ਫਿਰ ਵੀ ਰਿਹਾ ਹੈ। 


0 comments:

Post a Comment

Live TV